"ਜਿਹੜੇ ਲਾਹੌਰ ਕੱਮਲ੍ਹੇ ਉਹ ਪਸ਼ੌਰ ਵੀ ਕੱਮਲ੍ਹੇ"
"ਘਰ ਗਵਾਇਆ ਨਾਲੇ ਭੜਉਆ ਆਖਵਾਇਆ"
ਘਰ ਛੱਡ ਕੇ ਤਾਂ ਫਿਰ ਧੱਕੇ ਹੀ ਮਿਲਦੇ
ਕਈ ਵਾਰ ਜਦੋਂ ਘਰ ਵਿਚ ਕਿਸੇ ਬੱਚੇ ਨੂੰ ਜ਼ਿਆਦਾ ਹੀ ਲਾਡ ਲਡਾਇਆ ਜਾਵੇ, ਉਸਦੇ ਪੱਧਰ ਤੋਂ ਅਤੇ ਉਸਦੀ ਸੋਚ ਤੋਂ ਵੀ ਜ਼ਿਆਦਾ ਹੀ ਮਿਲਣ ਲੱਗ ਜਾਵੇ ਤਾਂ ਕਈ ਵਾਰ ਉਸਦੇ ਮਨ ਵਿਚ ਇਹ ਖਿਆਲ ਆ ਜਾਂਦਾ ਹੈ ਕਿ ਮੈਂ ਤਾਂ ਆਪਣੇ ਘਰ, ਆਪਣੇ ਪਰਿਵਾਰ ਤੋਂ ਵੀ ਵੱਡਾ ਹੋ ਗਿਆ ਹਾਂ ਅਤੇ ਫਿਰ ਅਜਿਹਾ ਬੱਚਾ ਜੀਵਨ ਵਿਚ ਖਤਾ ਹੀ ਖਾਂਦਾ ਹੈ। ਅੱਜ ਸਵੇਰੇ ਪਤਾ ਨਹੀਂ ਕਿਉਂ ਅਖਬਾਰ ਪੜਦਿਆਂ ਪੜਦਿਆਂ ਮੇਰੇ ਜ਼ਹਿਨ 'ਚ ਇਹ ਗੱਲ ਆ ਗਈ। ਕੀ ਨਹੀਂ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਨੇ। ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਤਾਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ 'ਤੇ। ਚੌਥੀ ਵਾਰ ਰਾਜ ਸਭਾ ਵਿਚ ਵੀ ਭੇਜਿਆ ਤਾਂ ਭਾਰਤੀ ਜਨਤਾ ਪਾਰਟੀ ਨੇ। ਪਤਨੀ ਨੂੰ ਵਿਧਾਇਕ ਬਣਾਇਆ ਭਾਰਤੀ ਜਨਤਾ ਪਾਰਟੀ ਨੇ, ਅਕਾਲੀ ਭਾਜਪਾ ਸਰਕਾਰ 'ਚ ਸੰਸਦੀ ਸਕੱਤਰ ਦਾ ਅਹੁਦਾ ਦਿਵਾ ਕੇ ਮਾਣ ਦਿੱਤਾ ਉਹ ਵੀ ਭਾਰਤੀ ਜਨਤਾ ਪਾਰਟੀ ਨੇ। ਇੰਨਾ ਸਭ ਕੁਝ ਮਿਲਣ ਦੇ ਨਾਲ ਨਾਲ ਦੇਸ਼ਭਰ ਵਿਚ ਭਾਜਪਾ ਦੇ ਹਰ ਮੰਚ 'ਤੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਵਾਲੀ ਮੂਹਰਲੀ ਕਤਾਰ ਵਿਚ ਬਿਠਾਇਆ। ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਮੈਂ ਭਾਜਪਾ ਤੋਂ ਵੀ ਵੱਡਾ ਹੋ ਗਿਆ ਹਾਂ, ਭਾਜਪਾ ਦੇ ਪਰਿਵਾਰ ਤੋਂ ਵੀ ਵੱਡਾ ਹੋ ਗਿਆ ਹਾਂ। ਇਹ ਅਖਾਣ ਸਿੱਧੂ ਜੋੜੇ ਤੇ ਬੜਾ ਸਟੀਕ ਬੈਠਦਾ ਹੈ। "ਮੱਝ ਵੇਚਕੇ ਘੋੜੀ ਲਿਆਂਦੀ, ਦੁੱਧ ਪੀਣੋ ਗਏ - ਲਿੱਧ ਚੱਕਣੀ ਪਈ" ਸਾਡਾ ਤਾਂ ਇਤਿਹਾਸ ਗਵਾਹ ਹੈ ਕਿ ਹੰਕਾਰ ਤਾਂ ਵੱਡਿਆਂ ਵੱਡਿਆਂ ਦਾ ਟੁੱਟ ਗਿਆ। ਬਹੁਤਾ ਬਹੁਤਾ ਕਰਦੀ ਥੋੜੇ ਤੋਂ ਵੀ ਗਈ, ਵਾਲੀ ਕਹਾਵਤ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਘਰ ਛੱਡ ਕੇ ਅੱਜ ਕੀ ਲਹਿਰਾ, ਕਦੀ ਇਕ ਦਰ 'ਤੇ, ਕਦੀ ਦੂਜੇ ਦਰ 'ਤੇ, ਅਜੇ ਤੱਕ ਤਾਂ ਨਕਾਰਿਆ ਹੀ ਗਿਆ, ਫਿਰ ਵੀ ਸਮਝ ਪਤਾ ਨਹੀਂ ਕਿਉਂ ਨਹੀਂ ਆ ਰਹੀ। ਮੈਂ ਤਾਂ ਫਿਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਕ ਕਰੀਅਰ ਚੜਤ ਵਾਲਾ ਰਹੇ, ਪਰ ਜਿਸ ਤਰੀਕੇ ਨਾਲ ਉਹ ਵੱਖੋ ਵੱਖ ਪਾਰਟੀਆਂ ਵਿਚ ਸ਼ਾਮਲ ਹੋਣ ਲਈ ਤਰਲੋ ਮੱਛੀ ਹੋ ਰਿਹਾ ਹੈ, ਉਸਤੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਪੰਜਾਬ ਲਈ, ਪੰਜਾਬੀਆਂ ਲਈ ਤੇ ਪੰਜਾਬੀਅਤ ਲਈ ਜੁਮਲੇ ਤਾਂ ਸੁਣਾ ਸਕਦਾ ਹੈ, ਸ਼ੇਅਰ ਤਾਂ ਪੜ ਸਕਦਾ ਹੈ, ਪਰ ਕਰਨਾ ਕੁਝ ਨਹੀਂ ਲੋਚਦਾ, ਤਾਂਘ ਉਸਦੀ ਨਿੱਜਤਾ ਤੱਕ ਹੈ ਕਿ ਜਿਥੋਂ ਉਸ ਨੂੰ ਮਨਪਸੰਦ ਦਾ ਅਹੁਦਾ ਮਿਲਦਾ ਦਿਸਿਆ, ਉਹ ਪਾਰਟੀ ਦਾ ਪੱਲਾ ਫੜ ਲਵੇਗਾ। ਸਿਧਾਂਤ ਤਾਂ ਉਸ ਨੇ ਉਸੇ ਦਿਨ ਛੱਡ ਦਿੱਤੇ ਸਨ, ਜਿਸ ਦਿਨ ਉਸ ਨੇ ਭਾਜਪਾ ਛੱਡ ਦਿੱਤੀ ਸੀ। ਚਲੋ ਰਾਜ਼ੀ ਰਹੇ।
No comments:
Post a Comment