Popular Posts

Monday, October 17, 2016

"ਬੱਲੇ ਓ ਕਾਂਗਰਸੀਓ, ਧਰਨਾ ਲਾਉਣ ਵੀ ਆਏ ਤਾਂ ਆਪਣੇ ਹੀ ਮੁਫ਼ਾਦ ਖਾਤਰ"

ਬੱਲੇ ਓ ਕਾਂਗਰਸੀਓ, ਧਰਨਾ ਲਾਉਣ ਵੀ ਆਏ ਤਾਂ ਆਪਣੇ ਹੀ  ਮੁਫ਼ਾਦ ਖਾਤਰ

ਕਾਂਗਰਸ ਪਾਰਟੀ ਦਾ ਤਾਂ ਨਾਂ ਵੀ ਲੈਣ ਨੂੰ ਲੋਕਾਂ ਦਾ ਜੀਅ ਨਹੀਂ ਕਰਦਾ। ਏਨੀ ਸੌੜੀ ਸੋਚ, ਏਨੇ ਸਵਾਰਥ ਦੀ ਹੱਦ ਤੱਕ ਦੀ ਪਹੁੰਚ ਮੈਂ ਕਿਸੇ ਹੋਰ ਪਾਰਟੀ ਦੇ ਲੀਡਰਾਂ ਵਿਚ ਨਹੀਂ ਵੇਖੀ, ਜਿੰਨੀ ਕਾਂਗਰਸੀਆਂ ਵਿਚ ਹੈ। ਲੰਘੀਆਂ ਦੋ ਰਾਤਾਂ ਪੰਜਾਬ ਕਾਂਗਰਸੀਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮੂਹਰੇ ਗੁਜ਼ਾਰ ਕੇ ਚੰਗਾ ਡਰਾਮਾ ਕੀਤਾ। ਡਰਾਮਾ ਮੈਂ ਇਸ ਨੂੰ ਇਸ ਲਈ ਆਖ ਰਿਹਾ ਹਾਂ ਕਿ ਇਹ ਲੋਕ ਮੁੱਖ ਮੰਤਰੀ ਸਾਹਬ ਦੇ ਘਰ ਮੂਹਰੇ ਪੰਜਾਬ ਦੀਆਂ ਕੋਈ ਮੰਗਾਂ ਲੈ ਕੇ ਨਹੀਂ ਪਹੁੰਚੇ ਸਨ, ਪੰਜਾਬ ਦੇ ਕੋਈ ਮਸਲੇ ਲੈ ਕੇ ਨਹੀਂ ਆਏ ਸਨ, ਕਿਸੇ ਇਲਾਕੇ ਦੇ ਵਿਕਾਸ ਲਈ ਫੰਡ ਮੰਗਣ ਨਹੀਂ ਆਏ ਸਨ, ਕਿਸੇ ਲੋੜਵੰਦ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਨਹੀਂ ਆਏ ਸਨ। ਇਹ ਕਾਂਗਰਸੀ ਧਰਨਾ ਲਾਉਣ ਵੀ ਆਏ ਤਾਂ ਆਪਣੀ ਹੀ ਖਾਤਰ। ਆਧਾਰ ਬਣਾਇਆ ਕਿ ਸਾਡੇ 'ਤੇ ਹਮਲਾ ਹੋਇਆ ਜੀ, ਸਾਨੂੰ ਕੁੱÎਟਿਆ ਗਿਆ ਜੀ, ਠੀਕ ਹੈ ਰਾਵਣ ਫੂਕਣ ਨੂੰ ਲੈ ਕੇ ਲੁਧਿਆਣਾ ਵਿਚ ਦੋ ਗੁੱਟਾਂ ਵਿਚ ਜੇ ਲੜਾਈ ਹੋ ਗਈ ਤਾਂ ਉਹ ਲੜਾਈ ਏਡਾ ਵੱਡਾ ਮਸਲਾ ਨਹੀਂ ਬਣ ਗਈ ਸੀ ਕਿ ਉਸ ਦੇ ਨਾਂ 'ਤੇ ਇਹ ਕਾਂਗਰਸੀ ਮੁੱਖ ਮੰਤਰੀ ਦੀ ਕੋਠੀ ਮੁਹਰੇ ਆ ਬੈਠਦੇ। ਇਹ ਉਹਨਾਂ ਦਿਨਾਂ ਵਿਚ ਆ ਕੇ ਬੈਠੇ ਸਨ, ਜਿਨ੍ਹਾਂ  ਦਿਨਾਂ ਵਿਚ ਪੰਜਾਬ ਅੰਦਰ ਦਲਿਤ ਨੌਜਵਾਨਾਂ ਦੇ ਵੱਖੋ ਵੱਖ ਥਾਈਂ ਬੇਰਹਿਮੀ ਨਾਲ ਕਤਲ ਹੋਏ ਸਨ। ਬੇਸ਼ੱਕ ਇਨ੍ਹਾਂ ਮੰਦਭਾਗੀ ਘਟਨਾਵਾਂ 'ਤੇ ਪੰਜਾਬ ਸਰਕਾਰ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਸਖਤੀ ਨਾਲ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ ਅਤੇ ਸਰਕਾਰੀ ਧਿਰ ਨਾਲ ਸਬੰਧਤ ਦੋਵਾਂ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਦੁੱਖ ਦੀ ਘੜੀ ਵਿਚ, ਇਸ ਔਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਸਨ। ਜਦੋਂ ਕਿ ਕਾਂਗਰਸ ਆਪਣੀ ਨਿੱਜੀ ਅੜ ਲਈ, ਨਿੱਜੀ ਸਵਾਰਥ ਲਈ ਮੁੱਖ ਮੰਤਰੀ ਦੇ ਘਰ ਮੂਹਰੇ ਆ ਬੈਠੀ ਸੀ। ਜਿਵੇਂ ਕਿ ਮੈਂ ਆਖਿਆ ਹੈ ਕਿ ਬੇਸ਼ੱਕ ਕਾਨੂੰਨੀ ਤੌਰ 'ਤੇ ਕਾਰਵਾਈ ਸ਼ੁਰੂ ਹੋ ਗਈ ਸੀ, ਫਿਰ ਵੀ ਚੰਗਾ ਲੱਗਦਾ ਜੇਕਰ ਕਾਂਗਰਸ ਇਨ੍ਹਾਂ ਨੌਜਵਾਨਾਂ ਦੇ ਕਤਲ 'ਤੇ ਪੀੜਤ ਪਰਿਵਾਰਾਂ ਦੀ ਉਵੇਂ ਸਾਰ ਲੈਂਦੀ ਜਿਵੇਂ ਸਰਕਾਰ ਨੇ ਲਈ ਜਾਂ ਇਸ ਮਸਲੇ 'ਤੇ ਮੁੱਖ ਮੰਤਰੀ ਬਾਦਲ ਨੂੰ ਮਿਲਣ ਆਉਂਦੇ ਕਿ ਕਿਤੇ ਅਜਿਹੇ ਮਾਮਲੇ ਵਧ ਨਾ ਜਾਣ, ਮੁੱਖ ਮੰਤਰੀ ਸਾਿਹਬ ਆਪਾਂ ਸਾਂਝੇ ਤੌਰ 'ਤੇ ਯਤਨ ਕਰੀਏ। ਪਰ ਨਹੀਂ, ਕਾਂਗਰਸ ਨੂੰ ਨਾ ਪੰਜਾਬ ਨਾਲ ਪਿਆਰ ਹੈ, ਨਾ ਪੰਜਾਬ ਵਾਸੀਆਂ ਨਾਲ, ਨਾ ਪੰਜਾਬ ਦੇ ਅਮਨ ਨਾਲ, ਨਾ ਕਾਨੂੰਨ ਨਾਲ ਇਨ੍ਹਾਂ ਨੂੰ ਪਿਆਰ ਹੈ ਤਾਂ ਆਪਣੇ ਆਪ ਨਾਲ ਤੇ ਆਪਣੀ ਸੌੜੀ ਸਿਆਸਤ ਨਾਲ। ਉਸੇ ਦਾ ਪ੍ਰਤੱਖ ਪ੍ਰਮਾਣ ਹੈ ਇਨ੍ਹਾਂ ਦਾ ਆਪਣੀ ਸਿਆਸਤ ਨੂੰ ਚਮਕਾਉਣ ਲਈ ਨਿੱਜਤਾ ਲਈ ਹੀ ਧਰਨਾ ਮਾਰਨਾ। ਕੁਝ ਸ਼ਰਮ ਕਰੋ, ਕੁਝ ਸਮਝ ਕਰੋ।

ਵਿਜੇ ਸਾਂਪਲਾ
ਪ੍ਰਧਾਨ, ਭਾਜਪਾ (ਪੰਜਾਬ)

No comments:

Post a Comment