Tuesday, November 22, 2016

ਦੇਸ਼ ਦੀ ਜਨਤਾ ਮੋਦੀ ਨਾਲ, ਬੈਠੇ ਝਾਕਣ ਕੈਪਟਨ ਤੇ ਕੇਜਰੀਵਾਲ

ਦੇਸ਼ ਦੀ ਜਨਤਾ ਮੋਦੀ ਨਾਲ, ਬੈਠੇ ਝਾਕਣ ਕੈਪਟਨ ਤੇ ਕੇਜਰੀਵਾਲ

ਨੋਟਬੰਦੀ ਨੂੰ ਲੈ ਕੇ ਕੈਪਟਨ ਤੇ ਕੇਜਰੀਵਾਲ ਦੀਆਂ ਪਾਰਟੀਆਂ ਮੋਦੀ ਜੀ ਦੀ ਨਿਖੇਧੀ ਕਰਨ ਵਿਚ ਕੋਈ ਕੋਰ ਕਸਰ ਨਹੀਂ ਛੱਡ ਰਹੀਆਂ, ਪਰ ਦੇਸ਼ ਦੀ ਜਨਤਾ ਮੋਦੀ ਜੀ ਦੇ ਨਾਲ ਖੜ੍ਹੀ ਹੈ। ਇਸ ਦਾ ਪ੍ਰਗਟਾਵਾ ਉਨ੍ਹਾਂ ਸਾਰੇ ਸਰਵੇਖਣਾਂ ਤੋਂ ਹੁੰਦਾ ਹੈ, ਜਿਨ੍ਹਾਂ ਵਿਚ ਦੇਸ਼ ਦੀ 85 ਫ਼ੀਸਦੀ ਜਨਤਾ ਨੇ ਮੋਦੀ ਜੀ ਦੇ ਨੋਟਬੰਦੀ ਦਾ ਸਮਰਥਨ ਕੀਤਾ ਹੈ। ਆਮ ਜਨਤਾ ਨੂੰ ਇਸ ਵਿਚ ਥੋੜ੍ਹੀ ਤਕਲੀਫ਼ ਹੈ, ਲੇਕਿਨ ਦੇਸ਼ ਦੇ ਉਜਵਲ ਭਵਿੱਖ ਲਈ ਹਰ ਤਕਲੀਫ਼ ਸਹਿਣ ਨੂੰ ਤਿਆਰ ਹੈ। ਉਨ੍ਹਾਂ ਦਾ ਪੱਕਾ ਵਿਸ਼ਵਾਸ਼ ਹੈ ਕਿ ਮੋਦੀ ਜੀ ਜੋ ਕਰਨਗੇ ਦੇਸ਼ ਦੇ ਹਿੱਤ ਵਿਚ ਕਰਨਗੇ ਅਤੇ ਵਧੀਆ ਕਰਨਗੇ।
ਸਾਥੀਓ, ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਆਪਣੀ ਜ਼ਿੰਦਗੀ ਵਿਚ ਸੈਂਕੜੇ ਵਾਰ ਇਹ ਕਹਾਵਤ ਸੁਣੀ ਕਿ 'ਚੋਰ ਚੋਰ ਮਸੇਰੇ ਭਰਾ'। ਮੈਂ ਇਸ ਕਹਾਵਤ ਦੇ ਅਰਥਾਂ ਤੋਂ ਵੀ ਵਾਕਫ਼ ਸੀ ਅਤੇ ਜਦੋਂ ਜਦੋਂ ਕਿਸੇ ਨੇ ਇਹ ਕਹਾਵਤ ਵਰਤੀ ਤਦ ਉਸਦੇ ਸੰਕੇਤਾਂ ਨੂੰ ਵੀ ਮੈਂ ਬਾਖੂਬੀ ਸਮਝਦਾ ਸੀ, ਪਰ ਮੈਂ ਇਸ ਕਹਾਵਤ ਨੂੰ ਹਕੀਕਤ ਵਿਚ ਢਲਦਿਆਂ ਹੁਣ ਵੇਖਿਆ ਹੈ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਕੇ ਕਾਲੇ ਧਨ ਅਤੇ ਨਕਲੀ ਨੋਟਾਂ ਖਿਲਾਫ ਮੁਹਿੰਮ ਦਾ ਆਗਾਜ਼ ਕੀਤਾ, ਤਾਂ ਜਿਹੜੀਆਂ ਧਿਰਾਂ ਹੁਣ ਤੱਕ ਮੋਦੀ ਜੀ ਤੋਂ ਸਵਾਲ ਪੁੱਛਦੀਆਂ ਸਨ ਕਿ 'ਕਾਲੇ ਧਨ ਖਿਲਾਫ਼ ਕਿਆ ਕੀਆ', ਉਹੀ ਧਿਰਾਂ ਹੁਣ ਇਕਜੁੱਟ ਹੋ ਕੇ ਇਸ ਨੋਟਾਬੰਦੀ ਖਿਲਾਫ਼ ਹਾਹਾਕਾਰ ਮਚਾ ਰਹੀਆਂ ਹਨ। ਸਾਫ਼ ਹੈ ਕਿ ਚੋਰ ਦੀ ਦਾੜ੍ਹੀ ਵਿਚ ਤਿਨਕਾ। ਕੀ ਕਾਂਗਰਸ, ਕੀ ਆਮ ਆਦਮੀ ਪਾਰਟੀ, ਕੀ ਮਮਤਾ ਬੈਨਰਜੀ ਵਰਗੀਆਂ ਸਭ ਵਿਰੋਧੀ ਧਿਰਾਂ ਅੱਜ ਇਸ ਨੋਟਬੰਦੀ ਨੂੰ ਗਲਤ ਸਾਬਤ ਕਰਨ ਲਈ ਹੋ ਹੱਲਾ ਮਚਾ ਰਹੀਆਂ ਹਨ ਜਦੋਂ ਕਿ ਮੁਸ਼ਕਲ ਵਿਚੋਂ ਲੰਘ ਰਿਹਾ ਦੇਸ਼ ਦਾ ਆਮ ਨਾਗਰਿਕ ਆਪਣੇ ਹੀ ਪੈਸੇ ਨੂੰ ਲੈਣ ਲਈ ਜਾਂ ਪੁਰਾਣੀ ਕਰੰਸੀ ਨੂੰ ਨਵੀਂ ਵਿਚ ਬਦਲਣ ਲਈ ਲਾਈਨਾਂ ਵਿਚ ਖੜ੍ਹਾ ਹੈ ਤੇ ਉਸਦੇ ਬਾਵਜੂਦ ਉਹ ਮੋਦੀ ਜੀ ਦੀ ਸੋਚ ਨਾਲ ਵੀ ਖੜ੍ਹਾ ਹੈ। ਪਰ ਇਹ ਲੋਕ ਬਸ ਰੌਲਾ ਪਾ ਰਹੇ ਹਨ ਸ਼ਾਇਦ ਇਨ੍ਹਾਂ ਦਾ ਕਾਫੀ ਕੁਝ ਰੱਦੀ ਹੋ ਗਿਆ ਹੋਵੇ ਤੇ ਜਦੋਂ ਮੈਂ ਸਭ ਵਿਰੋਧੀ ਧਿਰਾਂ ਨੂੰ ਸਹੀ ਗੱਲ ਦੇ ਖਿਲਾਫ ਵੀ ਇਕਜੁੱਟ ਹੋ ਕੇ ਚੀਕਦਿਆਂ ਵੇਖਿਆ, ਤਦ ਮੈਨੂੰ ਇਹ ਕਹਾਵਤ ਸੱਚ ਹੁੰਦੀ ਨਜ਼ਰ ਆਈ ਕਿ 'ਚੋਰ ਚੋਰ ਮਸੇਰੇ ਭਰਾ'।
ਅਮਿਤ ਸ਼ਾਹ ਜੀ ਵੀ ਬੀਤੇ ਕੱਲ੍ਹ ਪੰਜਾਬ ਦੌਰੇ 'ਤੇ ਜਲੰਧਰ ਆਏ ਸਨ। ਉਹਨਾਂ ਸਾਫ ਆਖਿਆ ਕਿ ਜਿਵੇਂ ਕਿਸੇ ਸਰਜਰੀ ਤੋਂ ਬਾਅਦ ਪਹਿਲਾਂ ਉਸ ਅੰਗ ਵਿਚ ਜਾਂ ਸਰੀਰ ਨੂੰ ਥੋੜ੍ਹੀ ਤਕਲੀਫ ਹੁੰਦੀ ਹੈ ਪਰ ਬਾਅਦ ਵਿਚ ਤਕਲੀਫ ਵੀ ਖਤਮ ਹੋ ਜਾਂਦੀ ਹੈ, ਰੋਗ ਵੀ ਖਤਮ ਹੋ ਜਾਂਦਾ ਹੈ ਤੇ ਬੰਦਾ ਤੰਦਰੁਸਤ ਹੋ ਜਾਂਦਾ ਹੈ। ਉਸੇ ਤਰ੍ਹਾਂ ਇਸ ਨੋਟਬੰਦੀ ਨਾਲ ਸ਼ੁਰੂ ਦਾ ਥੋੜਾ ਦਰਦ ਜ਼ਰੂਰ ਹੋ ਰਿਹਾ ਹੈ, ਪਰ ਇਹ ਦੇਸ਼ ਦੀ ਤੰਦਰੁਸਤੀ ਲਈ ਜ਼ਰੂਰੀ ਸੀ। ਅਮਿਤ ਸ਼ਾਹ ਜੀ ਪੰਜਾਬ ਵਿਚ ਸਭ ਧਰਮਾਂ ਦੀ ਇਕਜੁੱਟਤਾ ਨੂੰ ਦੇਖ ਕੇ, ਗਠਜੋੜ ਸਰਕਾਰ ਵਲੋਂ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਤੇ ਸਮਾਜਿਕ ਵਿਰਾਸਤ ਨੂੰ ਸਾਂਭਣ ਲਈ ਉਸਾਰੀਆਂ ਗਈਆਂ ਯਾਦਗਾਰਾਂ ਬਾਰੇ ਜਾਣ ਕੇ ਅਤੇ ਜਲੰਧਰ ਦੇ ਇਕੱਠ ਵਿਚ ਲੋਕਾਂ ਦਾ ਨਰਿੰਦਰ ਮੋਦੀ ਜੀ ਪ੍ਰਤੀ ਵਧੇ ਹੋਰ ਵਿਸ਼ਵਾਸ ਨੂੰ ਦੇਖ ਕੇ ਉਹ ਬਾਗੋ ਬਾਗ ਹੋ ਗਏ। ਬਿਲਕੁਲ ਸਹੀ ਗੱਲ ਹੈ ਕਿ ਕਿਸੇ ਦੇਸ਼ ਦੀ ਤਰੱਕੀ ਲਈ, ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਇਕਜੁੱਟ ਹੋ ਕੇ ਹੀ ਤੁਰਨਾ ਬਣਦਾ ਹੈ ਤੇ ਇਸ ਇਕਜੁੱਟਤਾ ਦਾ ਪ੍ਰਮਾਣ ਹੈ ਸਾਡਾ ਗਠਜੋੜ। ਚਾਹੇ ਕੇਂਦਰ ਵਿਚ ਤੇ ਚਾਹੇ ਪੰਜਾਬ ਵਿਚ ਝੂਠਿਆਂ ਨੇ, ਸਿਰਫ਼ ਸਿਆਸੀ ਲਾਹਾ ਹਾਸਲ ਕਰਨ ਵਾਲਿਆਂ ਨੇ ਹਰ ਹੱਥਕੰਡੇ ਅਪਣਾਉਣੇ ਹਨ, ਪਰ ਅੱਜ ਜਨਤਾ ਧਾਰਮਿਕ ਤੌਰ ਉਤੇ ਵੀ, ਸਮਾਜਿਕ ਤੌਰ 'ਤੇ ਵੀ ਅਤੇ ਆਰਥਿਕ ਤੌਰ 'ਤੇ ਵੀ ਉਸਾਰੂ ਸੋਚ ਦੀ ਮਾਲਕ ਹੈ, ਉਹ ਸੂਬਾ ਸਰਕਾਰ ਦੇ ਕਾਰਜਾਂ ਤੋਂ ਵੀ ਵਾਕਿਫ਼ ਹੈ ਤੇ ਨਰਿੰਦਰ ਮੋਦੀ ਜੀ ਦੀ ਵਿਸ਼ਾਲ ਸੋਚ ਨਾਲ ਵੀ ਡਟ ਕੇ ਖੜ੍ਹੀ ਹੈ। 

No comments:

Post a Comment