Tuesday, November 22, 2016

ਪੱਪੂ ਦੇ ਦਰਬਾਨ ਬਣੇ ਨਵਜੋਤ ਸਿੰਘ ਸਿੱਧੂ

ਪੱਪੂ ਦੇ ਦਰਬਾਨ ਬਣੇ ਨਵਜੋਤ ਸਿੰਘ ਸਿੱਧੂ
ਜਿਸ ਨੂੰ ਚੋਰਾਂ ਦੀ ਬਾਰਾਤ ਕਿਹਾ ਸੀ, ਉਸੇ ਵਿਚ ਹੀ ਨੱਚਣਗੇ ਸਿੱਧੂ


ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 'ਪੱਪੂ' ਕਹਿ ਕੇ ਭੰਡਣ ਵਾਲੇ ਨਵਜੋਤ ਸਿੰਘ ਸਿੱਧੂ ਆਖਰਕਾਰ ਪੱਪੂ ਦੇ ਦਰਬਾਰ ਵਿਚ ਹੀ ਝੁਕ ਗਏ ਹਨ। ਨਫ਼ੇ ਨੁਕਸਾਨ ਦੀ ਪਰਵਾਹ ਨਾ ਕਰਕੇ ਪੰਜਾਬ ਦੇ ਹਿੱਤ ਲਈ ਖੜ੍ਹਨ ਦੇ ਦਾਅਵੇ ਕਰਨ ਵਾਲੇ ਸ੍ਰੀ ਸਿੱਧੂ ਜਿਸ ਕਾਂਗਰਸ ਪਾਰਟੀ ਨੂੰ ਇਮਾਨਦਾਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਿੱਛੇ ਚੱਲ ਰਹੀ ਚੋਰਾਂ ਦੀ ਬਾਰਾਤ ਕਹਿੰਦੇ ਸਨ, ਅੱਜ ਉਸੇ ਬਾਰਾਤ ਵਿਚ ਜਾ ਕੇ ਨੱਚਣ ਦੀ ਤਿਆਰੀ ਵਿਚ ਲੱਗ ਗਏ ਹਨ। ਨਵਜੋਤ ਸਿੰਘ ਸਿੱਧੂ ਦੇ ਸਬਦਾਂ ਵਿਚ ਹੀ ਗੱਲ ਕਰੀਏ ਤਾਂ ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਬਣਾਉਣ ਦਾ ਰਾਹ ਛੱਡ ਕੇ 'ਸੋਨੀਆਂ ਦੀ ਚਿੜੀਆ' ਬਣਾਉਣ ਦੇ ਮਿਸ਼ਨ ਵਿਚ ਜੁਟ ਗਏ ਹਨ। ਮੈਨੂੰ ਯਾਦ ਹੈ ਕਿ 7 ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਯਮੁਨਾਨਗਰ ਰੈਲੀ ਵਿਚ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ 60 ਸਾਲਾਂ ਵਿਚ ਦੇਸ਼ ਨੂੰ ਲੋਕਤੰਤਰ ਤੋਂ ਗੁੰਡਾਤੰਤਰ ਵਿਚ ਬਦਲਣ ਵਾਲਿਆਂ ਖਿਲਾਫ਼ ਨਹੀਂ ਝੁਕਣਗੇ। ਉਨ੍ਹਾਂ ਆਪਣੀ ਸਤਿਕਾਰਯੋਗ ਨੇਕ ਮਾਤਾ ਦੇ ਦੁੱਧ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਉਹ ਆਪਣੇ ਜਿਊਦੇ ਜੀਅ ਅਜਿਹੀਆਂ ਤਾਕਤਾਂ ਅੱਗੇ ਨਹੀਂ ਝੁਕਣਗੇ, ਲੇਕਿਨ ਉਨ੍ਹਾਂ ਆਪਣੀ ਮਾਂ ਦੇ ਦੁੱਧ ਦੀ ਸਹੁੰ ਵੀ ਵਿਸਾਰ ਦਿੱਤੀ ਹੈ। ਸਿਰਫ ਸਿਆਸੀ ਸੌਦੇਬਾਜੀ ਦੇ ਲਈ ਸਿਰ ਝੁਕਾ ਲਿਆ ਅਤੇ ਆਪਣੀ ਜਮੀਰ ਵੀ ਵੇਚ ਦਿੱਤੀ ਹੈ। ਜਿਹੜੇ ਪੰਜਾਬ ਤੋਂ ਦੂਰ ਰੱਖਣ ਦਾ ਦੋਸ਼ ਲਗਾ ਕੇ ਉਹ ਭਾਜਪਾ ਤੋਂ ਅਲੱਗ ਹੋਏ ਸਨ, ਉਸੇ ਪੰਜਾਬ ਵਿਚ ਨਵਜੋਤ ਸਿੱਧੂ ਨੇ ਜੁਲਾਈ ਮਹੀਨੇ ਤੋਂ ਬਾਅਦ ਪੈਰ ਹੀ ਨਹੀਂ ਰੱਖਿਆ। ਸ. ਸਿੱਧੂ ਆਪਣੀ ਕੋਈ ਪਾਰਟੀ ਬਣਾ ਲੈਂਦੇ ਤਾਂ ਗੱਲ ਅਲੱਗ ਸੀ, ਕੋਈ ਸਿਆਸੀ ਸਮਝੌਤਾ ਕਰ ਲੈਂਦੇ ਫੇਰ ਵੀ ਠੀਕ ਮੰਨ ਲਿਆ ਜਾਣਾ ਸੀ, ਪਰੰਤੂ ਹੁਣ ਪੱਪੂ ਦਾ ਦਰਬਾਨ ਬਣਕੇ ਸਿੱਧੂ ਆਪਣੇ ਹੀ ਦਾਅਵਿਆਂ ਤੋਂ ਪਲਟ ਗਿਆ ਹੈ। ਸ਼ੇਅਰੋ-ਸ਼ਾਇਰੀ ਦੇ ਲਈ ਮਸ਼ਹੂਰ ਨਵਜੋਤ ਸਿੱਧੂ ਕਿਹਾ ਕਰਦੇ ਸਨ, 'ਤਾਰਾ ਟੂਟੇ ਤੋ ਜ਼ਮੀਨ ਪੇ ਨਹੀਂ ਟਿਕਤਾ, ਔਰ ਸਮੁੰਦਰ ਕਭੀ ਦਰਿਆ ਮੇਂ ਨਹੀਂ ਗਿਰਤਾ।' ਨਵਜੋਤ ਸਿੱਧੂ ਨੇ ਸਿਤਾਰੇ ਨੂੰ ਜਮੀਨ ਉੱਤੇ ਲਿਆ ਸੁੱਟਿਆ ਹੈ ਅਤੇ ਉਸਦਾ ਸਮੁੰਦਰ ਵੀ ਦਰਿਆ ਵਿਚ ਹੀ ਵਹੇਗਾ।

No comments:

Post a Comment